About Us

ਭਾਈ ਸਾਹਿਬ ਨੇ ਆਪਣੇ ਵਿਦੇਸ਼ ਦੌਰੇ ਦੇ ਦੌਰਾਨ ਹੋਈ ਇਕ ਘਟਨਾ ਵਿੱਚ ਇਹ ਮਹਿਸੂਸ ਕੀਤਾ ਕਿ ਪਤਿਤ ਬੱਚੇ ਕਈ ਵਾਰ ਵੱਡਿਆਂ ਦੀ ਗੱਲ ਨੂੰ ਅਹਿਮੀਅਤ ਨਹੀਂ ਦਿੰਦੇ ਅਤੇ ਆਪਣੇ ਦਿੱਲ ਦੀ ਗੱਲ ਆਪਣੇ ਹਾਣੀ ਬੱਚਿਆਂ ਨਾਲ ਖੁੱਲ੍ਹ ਕੇ ਕਰ ਲੈਂਦੇ ਹਨ। ਉਨ੍ਹਾਂ ਨੇ ਇਹ ਸੋਚਿਆ ਕਿ ਕਿੰਨਾ ਚੰਗਾ ਹੋਵੇ ਕਿ ਬੱਚੇ ਹੀ ਬੱਚਿਆਂ ਨੂੰ ਪ੍ਰੇਰ ਕੇ 'ਘਰ ਵਾਪਸੀ ਲਹਿਰ' ਵਿੱਚ ਆਪਣਾ ਹਿੱਸਾ ਪਾਉਣ। ਇਸ ਕਾਰਜ ਲਈ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਖ਼ਾਲਸਾ, ਖੰਨੇ ਵਾਲਿਆਂ ਦੇ ਮਨ ਵਿੱਚ ਭਾਈ ਵੀਰ ਸਿੰਘ ਅਕੈਡਮੀ ਦੀ ਸਥਾਪਨਾ ਦਾ ਖ਼ਿਆਲ ਆਇਆ ਅਤੇ ਉਨ੍ਹਾਂ ਨੇ ਇਸ ਦੀ ਅਰੰਭਤਾ ਲਈ ਅਰਦਾਸ ਸ੍ਰੀ ਦਰਬਾਰ ਸਾਹਿਬ , ਅੰਮ੍ਰਿਤਸਰ ਵਿਖੇ ਆਪਣੇ ਸਾਥੀਆਂ ਨਾਲ ਮਿਤੀ ੨੬ ਜੁਲਾਈ ੨੦੦੬ ਨੂੰ ਅੰਮ੍ਰਿਤ ਵੇਲੇ ਕੀਤੀ । ਉਨ੍ਹਾਂ ਨੇ ਇਸ ਅਕੈਡਮੀ ਦਾ ਨਾਮ ਸਿੱਖ ਪੰਥ ਦੀ ਉੱਘੀ ਅਤੇ ਮਹਾਨ ਸ਼ਖਸ਼ੀਅਤ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਨਾਮ ਤੇ ਰੱਖ ਕੇ ਉਨ੍ਹਾਂ ਦੀ ਯਾਦ ਨੂੰ ਸਦੀਵੀ ਬਣਾ ਦਿਤਾ ।

ਘਟਨਾ ਇਸ ਪ੍ਰਕਾਰ ਹੈ:-

ਸਿੱਖ ਘਰ ਵਿੱਚ ਸਿੱਖ ਸਿਧਾਂਤਾਂ ਅਨੁਸਾਰ ਜੰਮੀ ਪਲੀ ਇੱਕ ਬੱਚੀ, ਮੁਸਲਮਾਨ ਬੱਚੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਜਿਸ ਕਰਕੇ ਉਸ ਦੇ ਮਾਤਾ ਪਿਤਾ ਅਤਿ ਪੀੜਤ ਸਨ ਅਤੇ ਉਨ੍ਹਾਂ ਨੇ ਆਪਣੀ ਪੀੜਾ 'ਵੀਰ ਜੀ ' ਨਾਲ ਸਾਂਝੀ ਕੀਤੀ। ਜਦੋਂ ਉਹ ਆਪਣੀਆਂ ਗੱਲਾਂ ਕਰ ਰਹੇ ਸਨ ਤਾਂ ਕੁਦਰਤ ਵਲੋਂ ਉਸ ਲੜਕੀ ਦੀਆਂ ਸਹੇਲੀਆਂ ਵੀ ਉੱਥੇ ਹੀ ਬੈਠੀਆਂ ਹੋਈਆਂ ਸਨ। ਜਦੋਂ ਉਹਨਾਂ ਨੇ ਇਹ ਸਾਰੀ ਗੱਲ ਸੁਣੀ ਤਾਂ ਉਹ ਕਹਿਣ ਲੱਗੀਆਂ ਕਿ ਅਸੀਂ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੀਆਂ। ਇਹ ਸੁਣ ਕੇ 'ਵੀਰ ਜੀ ' ਨੇ ਕਿਹਾ ਕਿ ਬਹੁਤ ਚੰਗੀ ਗੱਲ ਹੈ ਅਤੇ ਅਰਦਾਸ ਕੀਤੀ ਕਿ ਵਾਹਿਗੁਰੂ ਤੁਹਾਡੇ ਉਪਰਾਲੇ ਨੂੰ ਕਾਮਯਾਬ ਕਰਣ। ਅਕਾਲ ਪੁਰਖ ਦੀ ਮਿਹਰ ਦਾ ਸਦਕਾ ਉਸ ਦੀਆਂ ਸਹੇਲੀਆਂ ਦਾ ਉਪਰਾਲਾ ਸਫ਼ਲ ਹੋਇਆ ਅਤੇ ਉਸ ਬੱਚੀ ਨੇ ਮੁਸਲਮਾਨ ਬੱਚੇ ਨਾਲ ਵਿਆਹ ਦਾ ਵਿਚਾਰ ਤਿਆਗ ਕੇ ਗੁਰਸਿੱਖ ਘਰਾਣੇ ਵਿੱਚ ਵਿਆਹ ਕਰਵਾਉਣਾ ਪ੍ਰਵਾਨ ਕਰ ਲਿਆ। ਇਸ ਘਟਨਾ ਨੇ 'ਵੀਰ ਜੀ' ਦੇ ਮਨ ਤੇ ਬਹੁਤ ਗਹਿਰਾ ਪ੍ਰਭਾਵ ਪਾਇਆ ਅਤੇ ਉਹਨਾਂ ਦੇ ਮਨ ਵਿੱਚ ਇਹ ਸੋਚ ਆਈ ਕਿ ਬੱਚੇ ਹੀ ਬੱਚਿਆਂ ਨੂੰ ਚੰਗੀ ਤਰ੍ਹਾਂ ਪ੍ਰੇਰਿਤ ਕਰ ਸਕਦੇ ਹਨ। ਇਸੇ ਵਿਚਾਰ ਤੋਂ ਹੀ ਜਨਮ ਲਿਆ "ਭਾਈ ਵੀਰ ਸਿੰਘ ਅਕੈਡਮੀ" ਨੇ।

ਅਕੈਡਮੀ ਵਲੋ ਸੱਤਵੀਂ ਕਲਾਸ ਦੇ ਬੱਚਿਆਂ ਨੂੰ ਸਿੱਖ ਧਰਮ ਦੇ ਸਿਧਾਂਤਾਂ ਨੂੰ ਦ੍ਰਿੜ ਕਰਵਾਉਣ ਲਈ 2 ਸਾਲਾ ਗੁਰਮਤਿ ਕੋਰਸ, ਸਿੱਖ ਮਿਸ਼ਨਰੀ ਕਾਲਜ, ਚੀਫ਼ ਖ਼ਾਲਸਾ ਦੀਵਾਨ ਅਤੇ ਹੋਰ ਵੱਖਰੀਆਂ-ਵੱਖਰੀਆਂ ਸੰਸਥਾਵਾਂ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ। ਅਕੈਡਮੀ ਵਲੋਂ ਇਹ ਗੁਰਮਤਿ ਕੋਰਸ ਮੁਫ਼ਤ ਕਰਵਾਇਆ ਜਾਂਦਾ ਹੈ। ਇਸ ਤੋਂ ਇਲਾਵਾ ਬੱਚਿਆਂ ਨੂੰ ਸੈਸ਼ਨ ਦੀ ਸਮਾਪਤੀ ਤੇ ਨਕਦ ਇਨਾਮ ਵੀ ਦਿੱਤੇ ਜਾਂਦੇ ਹਨ।